| Shabad Interpretation in Punjabi:
ਹੇ ਮਿੱਤਰ! ਆਪਣੇ ਮਨ ਵਿਚ ਇਹ ਗੱਲ ਪੱਕੀ ਕਰ ਕੇ ਸਮਝ ਲੈ, ਕਿ ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ. ਕੋਈ ਭੀ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਬਣਦਾ.
ਹੇ ਮਿੱਤਰ! ਜਦੋਂ ਮਨੁੱਖ ਸੁਖ ਵਿਚ ਹੁੰਦਾ ਹੈ, ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ, ਤੇ, ਉਸ ਨੂੰ ਚੌਹੀਂ ਪਾਸੀਂ ਘੇਰੀ ਰੱਖਦੇ ਹਨ, ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, ਫਿਰ ਕੋਈ ਭੀ ਉਸ ਦੇ ਨੇੜੇ ਨਹੀਂ ਢੁਕਦਾ.
ਹੇ ਮਿੱਤਰ! ਜਿਸ ਹੀ ਵੇਲੇ ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, ਅਪਣਾ ਜੀਵਨ ਸਾਥੀ ਭੀ, ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਮ੍ਰਿਤਕ ਸ਼ਰੀਰ ਦਾ ਸਾਥ ਨਹੀਂ ਦੇਂਦਾ.
ਹੇ ਮਿੱਤਰ! ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ, ਪਰ, ਹੇ ਨਾਨਕ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਮਦਦ ਨਹੀਂ ਕਰ ਸਕਦਾ। |